ਪੰਜਾਬ ਵਿਚ ਰਵਾਇਤੀ ਪਾਰਟੀਆਂ ਪੁਰਾਣੇ ਚਿਹਰਿਆਂ 'ਤੇ ਹੀ ਲਗਾਉਣਗੀਆਂ ਦਾਅ

ਪੰਜਾਬ ਵਿਚ ਰਵਾਇਤੀ ਪਾਰਟੀਆਂ ਪੁਰਾਣੇ ਚਿਹਰਿਆਂ 'ਤੇ ਹੀ ਲਗਾਉਣਗੀਆਂ ਦਾਅ

ਜਲੰਧਰ/ਏਟੀ ਨਿਊਜ਼ : 
ਭਾਵੇਂ ਲੋਕ ਸਭਾ ਚੋਣਾਂ ਦੀ ਚਰਚਾ ਸਿਖ਼ਰ 'ਤੇ ਪਹੁੰਚ ਗਈ ਹੈ ਪਰ ਅਜੇ ਤੱਕ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਵੀ ਪਾਰਟੀ ਵਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਤਾਂ ਦੂਰ ਉਮੀਦਵਾਰਾਂ ਦੀ ਵਿਧੀਵੱਤ ਚੋਣ ਪ੍ਰਕਿਰਿਆ ਵੀ ਸ਼ੁਰੂ ਨਹੀਂ ਕੀਤੀ ਗਈ। ਜਾਣਕਾਰੀ ਮੁਤਾਬਕ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸੰਭਾਵਿਤ ਉਮੀਦਵਾਰਾਂ ਦੇ ਜੋ ਨਾਂਅ ਸਾਹਮਣੇ ਆ ਰਹੇ ਹਨ, ਉਹ ਲਗਪਗ ਸਾਰੇ ਹੀ ਪਹਿਲਾਂ ਤੋਂ ਸਥਾਪਿਤ ਨੇਤਾਵਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਨ। ਦੋਵਾਂ ਧਿਰਾਂ ਵਲੋਂ ਪਾਰਟੀ ਲਈ ਮਿਹਨਤ ਕਰਨ ਵਾਲੇ ਤੀਸਰੇ ਦਰਜੇ ਦੇ ਨੇਤਾਵਾਂ ਲਈ ਕੋਈ ਟਿਕਟ ਨਹੀਂ ਰੱਖੀ ਗਈ। ਉਨ੍ਹਾਂ ਨੂੰ ਸਿਰਫ ਪਾਰਟੀ ਦੇ ਅਹੁਦੇ ਦੇ ਕੇ ਹੀ ਵਰ੍ਹਾ ਲਿਆ ਜਾਂਦਾ ਹੈ। ਇਸ ਦਰਮਿਆਨ ਅਕਾਲੀ ਦਲ ਤੇ ਭਾਜਪਾ ਵਲੋਂ ਅੰਮ੍ਰਿਤਸਰ ਬਦਲੇ ਲੁਧਿਆਣਾ ਅਤੇ ਹੁਸ਼ਿਆਰਪੁਰ ਬਦਲੇ ਜਲੰਧਰ ਸੀਟਾਂ ਬਦਲਣ ਦੀ ਚਰਚਾ ਵੀ ਚੱਲ ਰਹੀ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਨੂੰ ਦੋ ਥਾਵਾਂ ਬਠਿੰਡਾ ਜਾਂ ਅੰਮ੍ਰਿਤਸਰ ਵਿਚੋਂ ਕਿਸੇ ਇਕ 'ਤੇ ਚੋਣ ਲੜਾਉਣ ਦੀ ਚਰਚਾ ਚੱਲਣ ਦਾ ਪਤਾ ਵੀ ਲੱਗਾ ਹੈ। ਦੂਜੇ ਪਾਸੇ ਦਿੱਲੀ ਕਮੇਟੀ ਦੀ ਲੜਾਈ ਤੋਂ ਬਾਅਦ ਮਨਜੀਤ ਸਿੰਘ ਜੀਕੇ. ਜਾਂ ਮਨਜਿੰਦਰ ਸਿੰਘ ਸਿਰਸਾ ਦੋਵਾਂ ਵਿਚੋਂ ਕਿਸੇ ਇਕ ਨੂੰ ਪੰਜਾਬ ਤੋਂ ਚੋਣ ਲੜਾਉਣ ਦੀ ਗੱਲ ਵੀ ਖ਼ਤਮ ਹੋ ਗਈ ਹੈ। ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦੇ ਸੰਭਾਵਿਤ ਉਮੀਦਵਾਰਾਂ ਬਾਰੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲੱਗ ਰਹੀਆਂ ਹਨ।
ਅੰਮ੍ਰਿਤਸਰ : ਕਾਂਗਰਸ ਦੇ ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਹੀ ਦੁਬਾਰਾ ਟਿਕਟ ਦਿੱਤੇ ਜਾਣ ਦੀ ਸੰਭਾਵਨਾ ਹੈ। ਪਰ ਪਤਾ ਲੱਗਾ ਹੈ ਕਿ ਕਾਂਗਰਸ ਦੀ ਇਕ ਤਕੜੀ ਧਿਰ ਇਹ ਚਾਹੁੰਦੀ ਹੈ ਕਿ ਉਨ੍ਹਾਂ ਦੀ ਥਾਂ ਡਾ: ਨਵਜੋਤ ਕੌਰ ਸਿੱਧੂ ਨੂੰ ਇਥੋਂ ਟਿਕਟ ਦਿੱਤੀ ਜਾਵੇ। ਭਾਜਪਾ ਕੋਲ ਇਥੇ ਰਾਜਿੰਦਰ ਸਿੰਘ ਛੀਨਾ ਤੋਂ ਇਲਾਵਾ ਹੋਰ ਕੋਈ ਗੰਭੀਰ ਉਮੀਦਵਾਰ ਨਜ਼ਰ ਨਹੀਂ ਆ ਰਿਹਾ। ਜੇਕਰ ਇਹ ਸੀਟ ਸਮਝੌਤੇ ਵਿਚ ਲੁਧਿਆਣਾ ਨਾਲ ਬਦਲਣ ਦੀ ਗੱਲ ਸਿਰੇ ਚੜ੍ਹ ਗਈ ਤਾਂ ਇਥੋਂ ਅਕਾਲੀ ਦਲ ਬਿਕਰਮ ਸਿੰਘ ਮਜੀਠੀਆ ਨੂੰ ਉਮੀਦਵਾਰ ਬਣਾ ਸਕਦਾ ਹੈ।

ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰਗਿੱਲ ਉਮੀਦਵਾਰ ਹਨ। ਕਾਂਗਰਸ ਦੀ ਟਿਕਟ ਲਈ ਪਾਰਟੀ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਦਾ ਨਾਮ ਚਰਚਾ ਵਿਚ ਹੈ। ਅਕਾਲੀ ਦਲ ਵਲੋਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੀ ਟਿਕਟ ਪੱਕੀ ਹੀ ਮੰਨੀ ਜਾ ਰਹੀ ਹੈ।
ਬਠਿੰਡਾ : ਬਠਿੰਡਾ ਤੋਂ ਕਾਂਗਰਸ ਵਲੋਂ ਕਿਸੇ ਤਕੜੇ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ। ਚਰਚਾ ਹੈ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਵਾਰ ਚੋਣ ਲੜਨ ਲਈ ਤਿਆਰ ਨਹੀਂ ਹਨ। ਇਸ ਲਈ ਇਥੋਂ ਹਾਲ ਦੀ ਘੜੀ ਡਾ: ਨਵਜੋਤ ਕੌਰ ਸਿੱਧੂ ਅਤੇ ਅਜੀਤਇੰਦਰ ਸਿੰਘ ਮੋਫਰ ਦੇ ਨਾਵਾਂ ਦੀ ਚਰਚਾ ਹੈ ਜਦੋਂ ਕਿ ਅਕਾਲੀ ਦਲ ਵਲੋਂ ਹਰਸਿਮਰਤ ਕੌਰ ਬਾਦਲ ਦੇ ਹੀ ਉਮੀਦਵਾਰ ਹੋਣ ਦੇ ਆਸਾਰ ਹਨ।
ਫ਼ਰੀਦਕੋਟ : ਫ਼ਰੀਦਕੋਟ ਤੋਂ ਕਾਂਗਰਸ ਵਿਚ ਮੁਹੰਮਦ ਸਦੀਕ, ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੇ ਬੇਟੇ ਸਰਬਜੀਤ ਸਿੰਘ ਲਵਲੀ, ਜਗਦਰਸ਼ਨ ਕੌਰ ਅਤੇ ਅਜਾਇਬ ਸਿੰਘ ਭੱਟੀ ਦੇ ਨਾਵਾਂ 'ਤੇ ਚਰਚਾ ਚੱਲ ਰਹੀ ਹੈ ਜਦੋਂ ਕਿ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਅਜੀਤ ਸਿੰਘ ਸ਼ਾਂਤ, ਦਰਸ਼ਨ ਸਿੰਘ ਕੋਟਫੱਤਾ, ਜੋਗਿੰਦਰ ਸਿੰਘ ਪੰਜਗਰਾਈਂ ਅਤੇ ਪਰਮਜੀਤ ਕੌਰ ਗੁਲਸ਼ਨ ਦੇ ਨਾਂਅ ਚਰਚਾ ਵਿਚ ਹਨ।
ਫ਼ਤਹਿਗੜ੍ਹ ਸਾਹਿਬ : ਇਥੋਂ ਕਾਂਗਰਸ ਦੇ ਸੰਭਾਵਿਤ ਉਮੀਦਵਾਰਾਂ ਦੀ ਸੂਚੀ ਬਹੁਤ ਲੰਮੀ ਹੈ, ਜਿਸ ਵਿਚ ਡਾ: ਅਮਰ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਵਿਧਾਇਕ ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਜੀਪੀ., ਮੌਜੂਦਾ ਮੈਂਬਰ ਰਾਜ ਸਭਾ ਸ਼ਮਸ਼ੇਰ ਸਿੰਘ ਦੂਲੋ ਖ਼ੁਦ ਜਾਂ ਉਨ੍ਹਾਂ ਦਾ ਬੇਟਾ ਬੰਨਦੀਪ ਸਿੰਘ ਬੰਨੀ ਦੂਲੋ, ਗੁਰਪਾਲ ਸਿੰਘ ਗੋਲਡੀ ਤੋਂ ਇਲਾਵਾ ਇਕ ਹਾਕੀ ਖਿਡਾਰੀ ਦਾ ਨਾਂਅ ਵੀ ਚਰਚਾ ਵਿਚ ਹੈ, ਜਦੋਂ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਇਥੋਂ ਚੋਣ ਲੜਨ ਲਈ ਕਹੇ ਜਾਣ ਦੇ ਸੰਕੇਤ ਹਨ।
ਅਕਾਲੀ ਦਲ ਵਲੋਂ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਦਰਬਾਰਾ ਸਿੰਘ ਗੁਰੂ, ਬਿਕਰਮਜੀਤ ਸਿੰਘ ਖਾਲਸਾ, ਜਸਟਿਸ ਨਿਰਮਲ ਸਿੰਘ ਤੇ ਸਤਵੰਤ ਸਿੰਘ ਮੋਹੀ ਦੇ ਨਾਂਅ ਚਰਚਾ ਵਿਚ ਹਨ, ਜਦੋਂ ਕਿ ਹਰਿੰਦਰ ਸਿੰਘ ਖਾਲਸਾ ਜੋ ਇਥੋਂ ਮੌਜੂਦਾ ਸੰਸਦ ਮੈਂਬਰ ਹਨ, ਦੇ ਭਾਜਪਾ ਵਿਚ ਸ਼ਾਮਿਲ ਹੋਣ 'ਤੇ ਉਨ੍ਹਾਂ ਦੇ ਇਥੋਂ ਚੋਣ ਲੜਨ ਦੀ ਸੰਭਾਵਨਾ ਵੀ ਹੈ, ਜਿਸ ਦੀ ਉਹ ਖ਼ੁਦ ਪੁਸ਼ਟੀ ਵੀ ਕਰਦੇ ਹਨ।
ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਤੋਂ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਨਾਂਅ ਕਾਂਗਰਸ ਦੀ ਟਿਕਟ ਲਈ ਸਭ ਤੋਂ ਉੱਪਰ ਹੈ। ਪਰ ਰਾਣਾ ਗੁਰਮੀਤ ਸਿੰਘ ਸੋਢੀ ਤੇ ਭਾਈ ਰਾਹੁਲ ਸਿੰਘ ਦੇ ਨਾਵਾਂ ਦੀ ਵੀ ਚਰਚਾ ਹੈ, ਜਦੋਂ ਕਿ ਅਕਾਲੀ ਦਲ ਵਲੋਂ ਜੋਰਾ ਸਿੰਘ ਮਾਨ ਦੇ ਦੋਵਾਂ ਬੇਟਿਆਂ ਵਿਚੋਂ ਕਿਸੇ ਇਕ ਤੋਂ ਇਲਾਵਾ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਨਾਂਅ ਦੀ ਵੀ ਚਰਚਾ ਹੈ।
ਗੁਰਦਾਸਪੁਰ : ਗੁਰਦਾਸਪੁਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਇਥੋਂ ਹੀ ਸੰਸਦ ਮੈਂਬਰ ਸੁਨੀਲ ਜਾਖੜ ਦੇ ਹੀ ਕਾਂਗਰਸ ਉਮੀਦਵਾਰ ਬਣਨ ਦੇ ਆਸਾਰ ਹਨ। ਪਰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਖ਼ੁਦ ਜਾਂ ਆਪਣੀ ਪਤਨੀ ਨੂੰ ਉਮੀਦਵਾਰ ਬਣਾਉਣ ਲਈ ਕਾਫੀ ਦਬਾਅ ਬਣਾ ਰਹੇ ਦੱਸੇ ਜਾਂਦੇ ਹਨ। ਭਾਜਪਾ ਵਲੋਂ ਇਥੋਂ ਪਹਿਲੇ ਨੰਬਰ 'ਤੇ ਅਦਾਕਾਰ ਅਕਸ਼ੈ ਖੰਨਾ ਦਾ ਨਾਂਅ ਹੈ ਪਰ ਰਾਕੇਸ਼ ਰਾਠੌੜ, ਸਵਰਨ ਸਲਾਰੀਆ ਤੇ ਕਵਿਤਾ ਖੰਨਾ ਦੇ ਨਾਂਅ ਵੀ ਚਰਚਾ ਵਿਚ ਹਨ।
ਹੁਸ਼ਿਆਰਪੁਰ : ਹੁਸ਼ਿਆਰਪੁਰ ਤੋਂ ਕਾਂਗਰਸ ਵਲੋਂ ਮਹਿੰਦਰ ਸਿੰਘ ਕੇਪੀ., ਯਾਮਿਨੀ ਗੋਮਰ ਅਤੇ ਸੰਤੋਸ਼ ਚੌਧਰੀ ਮੁੱਖ ਸੰਭਾਵਿਤ ਉਮੀਦਵਾਰ ਹਨ ਜਦੋਂ ਕਿ ਜੇਕਰ ਇਹ ਹਲਕਾ ਭਾਜਪਾ ਨੇ ਅਕਾਲੀ ਦਲ ਨਾਲ ਬਦਲ ਲਿਆ ਤਾਂ ਅਕਾਲੀ ਦਲ ਵਲੋਂ ਮਹਿੰਦਰ ਕੌਰ ਜੋਸ਼ ਤੇ ਸੋਹਣ ਸਿੰਘ ਠੰਡਲ ਦੇ ਨਾਂਅ ਸੁਣਾਈ ਦੇ ਰਹੇ ਹਨ। ਪਰ ਜੇ ਹਲਕਾ ਨਾ ਬਦਲਿਆ ਤਾਂ ਭਾਜਪਾ ਦੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਸੋਮ ਪ੍ਰਕਾਸ਼ ਵਿਚੋਂ ਕੋਈ ਇਕ ਉਮੀਦਵਾਰ ਹੋਵੇਗਾ।
ਜਲੰਧਰ : ਜਲੰਧਰ ਤੋਂ ਕਾਂਗਰਸ ਵਲੋਂ ਚੌਧਰੀ ਸੰਤੋਖ ਸਿੰਘ ਨੂੰ ਹੀ ਟਿਕਟ ਦਿੱਤੇ ਜਾਣ ਦੇ ਆਸਾਰ ਹਨ ਜਦੋਂ ਕਿ ਅਕਾਲੀ-ਭਾਜਪਾ ਵਿਚਕਾਰ ਸੀਟ ਬਦਲਣ 'ਤੇ ਭਾਜਪਾ ਵਲੋਂ ਵਿਜੇ ਸਾਂਪਲਾ ਇਥੋਂ ਉਮੀਦਵਾਰ ਹੋ ਸਕਦੇ ਹਨ ਪਰ ਜੇ ਸੀਟ ਅਕਾਲੀ ਦਲ ਕੋਲ ਹੀ ਰਹੀ ਤਾਂ ਚਰਨਜੀਤ ਸਿੰਘ ਅਟਵਾਲ, ਪਵਨ ਟੀਨੂੰ ਅਤੇ ਬਲਦੇਵ ਸਿੰਘ ਖਹਿਰਾ ਪ੍ਰਮੁੱਖ ਦਾਅਵੇਦਾਰ ਹਨ।
ਲੁਧਿਆਣਾ : ਲੁਧਿਆਣਾ ਵਿਚ ਕਾਂਗਰਸ ਟਿਕਟ ਤਾਂ ਰਵਨੀਤ ਸਿੰਘ ਬਿੱਟੂ ਦੀ ਪੱਕੀ ਸਮਝੀ ਜਾ ਰਹੀ ਹੈ ਪਰ ਜੇਕਰ ਇਹ ਸੀਟ ਅਕਾਲੀ-ਭਾਜਪਾ ਆਪਸ ਵਿਚ ਬਦਲ ਲੈਂਦੇ ਹਨ ਤਾਂ ਭਾਜਪਾ ਇਥੋਂ ਵਕੀਲ ਐਚ.ਐਸ. ਫੂਲਕਾ ਨੂੰ ਲੜਾਉਣਾ ਚਾਹੁੰਦੀ ਹੈ। ਭਾਜਪਾ ਉਨ੍ਹਾਂ ਨੂੰ ਬਕਾਇਦਾ ਸ਼ਾਮਿਲ ਹੋਣ ਲਈ ਕਹਿ ਵੀ ਚੁੱਕੀ ਹੈ ਪਰ ਜੇ ਗੱਲ ਸਿਰੇ ਨਹੀਂ ਚੜ੍ਹਦੀ ਤਾਂ ਇਥੋਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨਾਂ ਵਿਚੋਂ ਇਕ ਅਜਿਹੇ ਪ੍ਰਧਾਨ ਨੂੰ ਖੜ੍ਹਾ ਕੀਤਾ ਜਾ ਸਕਦਾ ਹੈ ਜੋ ਭਾਜਪਾ ਵਿਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦਾ ਮੁੱਦਈ ਮੰਨਿਆ ਜਾਂਦਾ ਹੈ। ਪਰ ਜੇਕਰ ਸੀਟ ਅਕਾਲੀ ਦਲ ਕੋਲ ਹੀ ਰਹੀ ਤਾਂ ਇਥੋਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ ਅਤੇ ਸ਼ਰਨਜੀਤ ਸਿੰਘ ਢਿੱਲੋਂ ਵਿਚੋਂ ਕਿਸੇ ਇਕ ਨੂੰ ਅੱਗੇ ਕੀਤੇ ਜਾਣ ਦੇ ਵਧੇਰੇ ਆਸਾਰ ਹਨ। ਉਂਜ ਜੇ ਇਨ੍ਹਾਂ ਵਿਚੋਂ ਕੋਈ ਨਾ ਮੰਨਿਆ ਤਾਂ ਫਿਰ ਗੁਣਾ ਮਨਪ੍ਰੀਤ ਸਿੰਘ ਇਆਲੀ 'ਤੇ ਵੀ ਪੈ ਸਕਦਾ ਹੈ।
ਖਡੂਰ ਸਾਹਿਬ : ਖਡੂਰ ਸਾਹਿਬ ਹਲਕੇ ਤੋਂ ਕਾਂਗਰਸ ਟਿਕਟ ਦੇ ਬਹੁਤ ਸਾਰੇ ਦਾਅਵੇਦਾਰ ਹਨ। ਇਨ੍ਹਾਂ ਵਿਚ ਇੰਦਰਜੀਤ ਸਿੰਘ ਜ਼ੀਰਾ, ਗੁਰਚੇਤ ਸਿੰਘ ਭੁੱਲਰ, ਉਨ੍ਹਾਂ ਦਾ ਬੇਟਾ ਅਨੂਪ ਸਿੰਘ ਭੁੱਲਰ, ਪਰਮਜੀਤ ਸਿੰਘ ਸਿੱਕੀ, ਜਸਵੀਰ ਸਿੰਘ ਡਿੰਪਾ ਤੇ ਹਰਮਿੰਦਰ ਸਿੰਘ ਗਿੱਲ ਆਦਿ ਸ਼ਾਮਿਲ ਹਨ, ਜਦੋਂ ਕਿ ਅਕਾਲੀ ਦਲ ਵਲੋਂ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦੇ ਦੋਸ਼ੀ ਵਜੋਂ ਸਜ਼ਾ ਦੁਆਉਣ ਵਾਲੇ ਕੇਸ ਵਿਚ ਆਪਣੀ ਗਵਾਹੀ ਤੇ ਅੜੀ ਰਹਿਣ ਵਾਲੀ ਜਗਦੀਸ਼ ਕੌਰ ਨੂੰ ਖੜ੍ਹਾ ਕਰਨ ਬਾਰੇ ਸੋਚਿਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਵਿਰਸਾ ਸਿੰਘ ਵਲਟੋਹਾ ਤੇ ਹਰੀ ਸਿੰਘ ਜ਼ੀਰਾ ਦੇ ਨਾਂਅ ਵੀ ਕਾਫੀ ਚਰਚਾ ਵਿਚ ਹਨ।
ਪਟਿਆਲਾ : ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਹੀ ਕਾਂਗਰਸੀ ਉਮੀਦਵਾਰ ਹੋਣ ਦੀ ਆਸ ਹੈ, ਜਦੋਂ ਕਿ ਅਕਾਲੀ ਦਲ ਵਲੋਂ ਇਥੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਚੋਣ ਲੜ ਸਕਦੇ ਹਨ।
ਸੰਗਰੂਰ : ਸੰਗਰੂਰ ਤੋਂ ਕਾਂਗਰਸ ਟਿਕਟ ਲਈ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੋਂ ਇਲਾਵਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਖ਼ੁਦ ਜਾਂ ਉਨ੍ਹਾਂ ਦੀ ਪਤਨੀ ਨੂੰ ਉਮੀਦਵਾਰ ਬਣਾਏ ਜਾਣ ਦੀ ਗੱਲ ਵੀ ਚੱਲ ਰਹੀ ਹੈ ਪਰ ਇਨ੍ਹਾਂ ਦੋਵਾਂ ਤੋਂ ਮਜ਼ਬੂਤ ਦਾਅਵੇਦਾਰ ਕੇਵਲ ਸਿੰਘ ਢਿੱਲੋਂ ਨੂੰ ਮੰਨਿਆ ਜਾ ਰਿਹਾ ਹੈ, ਜਦੋਂ ਕਿ ਅਕਾਲੀ ਦਲ ਵਲੋਂ ਇਥੋਂ ਬਾਗੀ ਸਮਝੇ ਜਾਂਦੇ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਜਾਂ ਉਨ੍ਹਾਂ ਦੀ ਪਤਨੀ ਨੂੰ ਉਮੀਦਵਾਰ ਬਣਨ ਲਈ ਮਨਾਇਆ ਜਾ ਰਿਹਾ ਹੈ ਪਰ ਜੇਕਰ ਉਹ ਨਾ ਮੰਨੇ ਤਾਂ ਗੱਲ ਬਰਨਾਲਾ ਪਰਿਵਾਰ ਜਾਂ ਬਲਦੇਵ ਸਿੰਘ ਮਾਨ ਤੱਕ ਵੀ ਜਾ ਸਕਦੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸਿਟਿੰਗ ਐਮਪੀ ਭਗਵੰਤ ਮਾਨ ਹੀ ਮੁੜ ਤੋਂ ਉਮੀਦਵਾਰ ਹਨ।